ਜਲੰਧਰ :
ਜਲੰਧਰ ਦਿਹਾਤ ਪੁਲਿਸ ਨੇ ਹੁਸ਼ਿਆਰਪੁਰ ਰੋਡ ‘ਤੇ ਸਥਿਤ ਪਿੰਡ ਸ਼ੇਖੇ ’ਚ ਹੋਏ ਪ੍ਰਵਾਸੀ ਨੌਜਵਾਨ ਦੇ ਸਨਸਨੀਖੇਜ਼ ਕਤਲ ਦਾ ਸੁਰਾਗ ਲਾ ਕੇ ਕੁਝ ਘੰਟਿਆਂ ’ਚ ਹੀ ਤਿੰਨ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਦਾ ਕਾਰਨ ਇਹ ਸਾਹਮਣੇ ਆਇਆ ਕਿ ਮ੍ਰਿਤਕ ਰਾਕੇਸ਼ ਪਾਟਿਲ ਨੇ ਆਪਣੇ ਹੀ ਸਾਥੀ ਅਕਸ਼ਰ ਉਰਫ਼ ਵਿਕਰਮ ਦੀ 14 ਸਾਲਾ ਧੀ ਨਾਲ ਗਲਤ ਕੰਮ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਅਕਸ਼ਰ ਉਰਫ਼ ਵਿਕਰਮ, ਵੀਰੂ ਤੇ ਸ਼ਿਵਕੁਮਾਰ ਤਿੰਨੋਂ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਇਹ ਤਿੰਨੋਂ ਮ੍ਰਿਤਕ ਰਾਕੇਸ਼ ਪਾਟਿਲ ਦੇ ਨਾਲ ਇਕ ਫੈਕਟਰੀ ’ਚ ਕੰਮ ਕਰਦੇ ਸਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤੇ ਗਏ ਖੂਨ ਨਾਲ ਲੱਥਪੱਥ ਚਾਕੂ ਸਮੇਤ ਮੋਟਰਸਾਈਕਲ ਤੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਉਨ੍ਹਾਂ ਨੂੰ ਪੁਲਿਸ ਕੰਟਰੋਲ ਰੂਮ ਰਾਹੀਂ ਸੂਚਨਾ ਮਿਲੀ ਕਿ ਪਿੰਡ ਸ਼ੇਖੇ ’ਚ ਇਕ ਅਣਪਛਾਤੇ ਪ੍ਰਵਾਸੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਐੱਨਆਰਆਈ ਦੇ ਖਾਲੀ ਪਲਾਟ ਦੇ ਬਾਹਰ ਇਕ ਟੋਏ ’ਚ ਪਈ ਹੈ। ਇਸ ਤੋਂ ਬਾਅਦ ਥਾਣਾ ਮਕਸੂਦਾਂ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਰਾਕੇਸ਼ ਪਾਟਿਲ ਵਾਸੀ ਪਿੰਡ ਸ਼ੇਖੇ ਵਜੋਂ ਹੋਈ ਤੇ ਉਹ ਇਕ ਫੈਕਟਰੀ ’ਚ ਕੰਮ ਕਰਦਾ ਹੈ। ਮ੍ਰਿਤਕ ਦੀ ਪਹਿਚਾਣ ਕਰਨ ਤੋਂ ਬਾਅਦ ਪੁਲਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਰਾਹੀਂ ਸਾਰੀ ਘਟਨਾ ਦਾ ਪਰਦਾਫਾਸ਼ ਕਰਨ ’ਚ ਕੁਝ ਘੰਟੇ ਲਗਾਏ। ਤਕਨੀਕੀ ਜਾਂਚ ਦੇ ਆਧਾਰ ‘ਤੇ ਪੁਲਿਸ ਨੇ ਸਭ ਤੋਂ ਪਹਿਲਾਂ ਮ੍ਰਿਤਕ ਰਾਕੇਸ਼ ਪਾਟਿਲ ਦੇ ਘਰ ਕਿਰਾਏ ‘ਤੇ ਰਹਿਣ ਵਾਲੇ ਅਕਸ਼ਰ ਉਰਫ ਵਿਕਰਮ ਨੂੰ ਗ੍ਰਿਫਤਾਰ ਕੀਤਾ।ਇਸ ਮਾਮਲੇ ਸਬੰਧੀ ਜਦ ਮੁਲਜ਼ਮ ਵਿਕਰਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਰਾਕੇਸ਼ ਪਾਟਿਲ ਗਲਤ ਵਿਅਕਤੀ ਸੀ ਤੇ ਉਸ ਨੇ ਉਸ ਦੀ 14 ਸਾਲ ਦੀ ਬੇਟੀ ਨਾਲ ਗਲਤ ਕੰਮ ਕੀਤਾ ਸੀ। ਇਸ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਰਾਕੇਸ਼ ਪਾਟਿਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਹਰਕਤ ਤੋਂ ਬਾਜ਼ ਨਹੀਂ ਆ ਰਿਹਾ ਸੀ। ਇਸ ਰੰਜਿਸ਼ ਨੂੰ ਲੈ ਕੇ ਉਸ ਨੇ ਆਪਣੇ ਨਾਲ ਫੈਕਟਰੀ ’ਚ ਕੰਮ ਕਰਨ ਵਾਲੇ ਵੀਰੂ ਤੇ ਸ਼ਿਵ ਕੁਮਾਰ ਨਾਲ ਗੱਲ ਕੀਤੀ ਤੇ ਰਾਕੇਸ਼ ਪਾਟਿਲ ਨੂੰ ਸਬਕ ਸਿਖਾਉਣ ਦੀ ਯੋਜਨਾ ਤਿਆਰ ਕੀਤੀ।
ਪੂਰੀ ਯੋਜਨਾ ਬਣਾ ਕੇ ਕੀਤੀ ਵਾਰਦਾਤ
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਬੁੱਧਵਾਰ ਰਾਤ ਨੂੰ ਘਰੋਂ ਨਿਕਲਣ ਤੋਂ ਬਾਅਦ ਤਿੰਨਾਂ ਨੇ ਯੋਜਨਾ ਬਣਾਈ ਕਿ ਰਾਕੇਸ਼ ਪਾਟਿਲ ਨੂੰ ਸ਼ਰਾਬ ਪੀਣ ਦੇ ਬਹਾਨੇ ਉਕਤ ਜਗ੍ਹਾ ‘ਤੇ ਬੁਲਾਇਆ ਜਾਵੇਗਾ ਤੇ ਉਸ ਤੋਂ ਬਾਅਦ ਆਪਣਾ ਕੰਮ ਪੂਰਾ ਕੀਤਾ ਜਾਵੇਗਾ। ਇਸੇ ਯੋਜਨਾ ਤਹਿਤ ਤਿੰਨੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਰਸਤੇ ’ਚ ਚਾਕੂ ਖਰੀਦ ਲਿਆ। ਐੱਨਆਰਆਈ ਪਲਾਂਟ ਨੇੜੇ ਪਹੁੰਚ ਕੇ ਤਿੰਨਾਂ ਨੇ ਰਾਕੇਸ਼ ਪਾਟਿਲ ਨੂੰ ਬੁਲਾਇਆ ਤੇ ਤਿੰਨਾਂ ਨੇ ਇਕੱਠੇ ਸ਼ਰਾਬ ਪੀਤੀ। ਸ਼ਰਾਬ ਪੀ ਕੇ ਤਿੰਨਾਂ ਨੇ ਮਿਲ ਕੇ ਰਾਕੇਸ਼ ਪਾਟਿਲ ‘ਤੇ ਚਾਕੂ ਦੇ ਕਈ ਵਾਰ ਕੀਤੇ, ਜਿਸ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਗਿਆ ਤੇ ਉਸ ਦੀ ਗਰਦਨ ‘ਤੇ ਜ਼ੋਰਦਾਰ ਸੱਟ ਵੱਜੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਤਿੰਨੇ ਮੌਕੇ ਤੋਂ ਫਰਾਰ ਹੋ ਗਏ। ਅਕਸ਼ਰ ਉਰਫ ਵਿਕਰਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਉਸ ਦੀ ਸੂਚਨਾ ‘ਤੇ ਹੋਰ ਮੁਲਜ਼ਮਾਂ ਸ਼ਿਵਕੁਮਾਰ ਤੇ ਵੀਰੂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨਾਂ ਲਈ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ।
