‘ਜਗਿਆਸਾ, ਮੌਲਿਕਤਾ, ਨੈਤਿਕਤਾ ਦੂਰਦ੍ਰਿਸ਼ਤਾ ਤੇ ਸਹਿਜਤਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਵਿਦਿਆਰਥੀ’, ਬਠਿੰਡਾ ‘ਚ ਬੋਲੇ ਰਾਸ਼ਟਰਪਤੀ ਦਰੋਪਦੀ ਮੁਰਮੂ

ਬਠਿੰਡਾ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਦਸਵੀਂ ਕਨਵੋਕੇਸ਼ਨ ਮੌਕੇ ਕਰਵਾਏ ਗਏ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹਮੇਸ਼ਾ ਕੰਮ ਆਉਣ ਵਾਲੀਆਂ ਚੰਗੀਆਂ ਗੱਲਾਂ ਦੱਸੀਆਂ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਇਨ੍ਹਾਂ ਪੰਜ ਚੰਗੀਆਂ ਗੱਲਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਤਾਂ ਜਿੱਥੇ ਉਹ ਜੀਵਨ ਵਿੱਚ ਤਰੱਕੀ ਕਰਨਗੇ ਉੱਥੇ ਹੀ ਚੰਗੇ ਸਮਾਜ ਦੀ ਸਿਰਜਣਾ ਵਿੱਚ ਹਿੱਸਾ ਪਾ ਸਕਣਗੇ। ਉਨ੍ਹਾਂ ਕਿਹਾ ਕਿ ਜਗਿਆਸਾ, ਮੌਲਿਕਤਾ, ਨੈਤਿਕਤਾ, ਦੂਰਦਰਸ਼ਤਾ ਅਤੇ ਸਹਿਜਤਾ ਨੂੰ ਵਿਦਿਆਰਥੀ ਆਪਣੇ ਜੀਵਨ ਵਿੱਚ ਆਪਣਾਉਣ। ਉਨ੍ਹਾਂ ਕਿਹਾ ਕਿ ਜਗਿਆਸਾ ਦਾ ਭਾਵ ਹੈ ਕਿ ਹੋਰ ਜਾਨਣ ਦੀ ਇੱਛਾ ਅਤੇ ਕਿਸੇ ਵੀ ਵਿਅਕਤੀ ਨੂੰ ਨਵੀਂ ਜਾਣਕਾਰੀ ਪਾਉਣ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਜਗਿਆਸੂ ਹੁੰਦੇ ਹਨ ਉਹ ਜੀਵਨ ਵਿੱਚ ਨਵੀਆਂ ਨਵੀਆਂ ਗੱਲਾਂ ਸਿੱਖਦੇ ਰਹਿੰਦੇ ਹਨ। ਅਜਿਹੇ ਲੋਕ ਜਾਣਕਾਰੀ ਹਾਸਲ ਕਰਨ ਲਈ ਇਸ ਗੱਲ ਦੀ ਚਿੰਤਾ ਨਹੀਂ ਕਰਦੇ ਕਿ ਕੋਈ ਉਨ੍ਹਾਂ ਨੂੰ ਅਗਿਆਨੀ ਕਹੇਗਾ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਮਝਾਉਣ ਲਈ ਉਹਨਾਂ ਮਰਹੂਮ ਰਾਸ਼ਟਰਪਤੀ ਡਾਕਟਰ ਏਪੀਜੇ ਅਬਦੁਲ ਕਲਾਮ ਦੀ ਜ਼ਿੰਦਗੀ ਨਾਲ ਜੁੜਿਆ ਇਕ ਵਾਕਿਆ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਣ ਤੋਂ ਬਾਅਦ ਉਸ ਵਿਸ਼ੇ ’ਤੇ ਕੁਝ ਨਵਾਂ ਕਰਨਾ ਚਾਹੀਦਾ ਹੈ, ਇਹ ਮੌਲਕਿਤਾ ਦੀ ਪਛਾਣ ਹੋਵੇਗਾ। ਉਨ੍ਹਾਂ ਕਿਹਾ ਕਿ ਮੌਲਕਿਤਾ ਦੀ ਇਕ ਉਦਾਹਰਨ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਡਾਕਟਰ ਰਾਜ ਕੁਮਾਰ ਅਰੋੜਾ ਨੇ ਪੇਸ਼ ਕੀਤੀ ਹੈ। ਕੈਂਸਰ ਦੇ ਮਾਮਲੇ ਵਿੱਚ ਖੋਜ ਕਰਨ ਲਈ ਪਿਛਲੇ ਹਫਤੇ ਉਨ੍ਹਾਂ ਨੂੰ ਵਿਜਟਰ ਐਵਾਰਡ ਪ੍ਰਧਾਨ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੌਲਿਕਤਾ ’ਤੇ ਅਧਾਰਤ ਇਸ ਉਦਾਹਰਨ ਤੋਂ ਹਰੇਕ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੈਤਿਕਤਾ ਹੀ ਸਾਰਥਕ ਜੀਵਨ ਦੀ ਆਧਾਰਸ਼ਾਲਾ ਹੁੰਦੀ ਹੈ। ਅੱਛਾ ਮਨੁੱਖ ਹੋਣਾ ਸਫਲ ਮਨੁੱਖ ਹੋਣ ਤੋਂ ਜਿਆਦਾ ਮਹੱਤਵਪੂਰਨ ਹੁੰਦਾ ਹੈ।ਨੈਤਿਕਤਾ ਦੇ ਸਿਰ ’ਤੇ ਕੋਈ ਵਿਅਕਤੀ ਸਥਾਈ ਸਫਲਤਾ ਅਤੇ ਆਤਮਸਨਮਾਨ ਜਿੱਤ ਸਕਦਾ ਹੈ। ਉਨ੍ਹਾਂ ਕਿਹਾ ਕਿ ਤੁਹਾਡਾ ਟੀਚਾ ਤੇ ਉਸ ਨੂੰ ਪ੍ਰਾਪਤ ਕਰਨ ਲਈ ਸਾਧਨ ਦੋਨੋਂ ਹੀ ਨੈਤਿਕਤਾ ’ਤੇ ਆਧਾਰਤ ਹੋਣੇ ਚਾਹੀਦੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਸਹਿਜਤਾ ਇਕ ਬਹੁਤ ਚੰਗਾ ਗੁਣ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਅੰਦਰ ਦੂਰ ਦ੍ਰਿਸ਼ਤਾ ਦਾ ਗੁਣ ਪੈਦਾ ਕਰਨਾ ਚਾਹੀਦਾ ਹੈ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਆਪਣੀਆਂ ਜੜਾਂ ਨਾਲ ਜੁੜੇ ਰਹਿਣਾ ਹੀ ਸਾਦਗੀ ਅਤੇ ਸਹਿਜਤਾ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੀ ਸੇਵਾ ਲਈ ਅੱਗੇ ਆਉਣ ਲਈ ਕਿਹਾ।ਰਾਸ਼ਟਰਪਤੀ ਨੇ ਤਗਮੇ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਏਮਜ਼ ਵਿੱਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਸਿਰਫ਼ ਕਿਸਮਤ ਵਾਲੇ ਲੋਕਾਂ ਨੂੰ ਹੀ ਮਿਲਦਾ ਹੈ। ਪਿਛਲੇ ਹਫ਼ਤੇ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿਖੇ ਸਾਬਕਾ ਵਿਦਿਆਰਥੀਆਂ ਨੂੰ ਮਿਲਣ ਦਾ ਮੌਕਾ ਮਿਲਿਆ, ਜਿਨ੍ਹਾਂ ਦਾ ਆਪਣੇ ਸੰਸਥਾਨ ਨਾਲ ਬਹੁਤ ਪਿਆਰ ਸੀ। ਉਨ੍ਹਾਂ ਕਿਹਾ ਕਿ ਹੁਣ ਏਮਜ਼ ਦੇ ਵਿਦਿਆਰਥੀ ਕਿਤੇ ਵੀ ਜਾ ਸਕਦੇ ਹਨ ਪਰ ਉਨ੍ਹਾਂ ਨੂੰ ਆਪਣੀ ਸੰਸਥਾ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਲੋਕਾਂ ਲਈ ਏਮਜ਼ ਦਾ ਅਰਥ ਹੈ ਸਸਤਾ ਅਤੇ ਵਧੀਆ ਇਲਾਜ। ਜਦੋਂ ਕਿ ਵਿਦਿਆਰਥੀਆਂ ਲਈ ਏਮਜ਼ ਦਾ ਅਰਥ ਉੱਚ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਏਮਜ਼ ਬਠਿੰਡਾ ਲੋਕਾਂ ਨੂੰ ਚੰਗੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਨਸ਼ੇ ਦੀ ਆਦਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਦੀ ਆਦਤ ਤੋਂ ਮੁਕਤ ਕਰਨ ਵਿੱਚ ਡਾਕਟਰਾਂ ਦੀ ਅਹਿਮ ਭੂਮਿਕਾ ਹੈ। ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਹਮੇਸ਼ਾ ਆਪਣੇ ਗਿਆਨ ਵਿੱਚ ਵਾਧਾ ਕਰਨ ਅਤੇ ਹਮੇਸ਼ਾ ਕੁਝ ਨਵਾਂ ਸਿੱਖਦੇ ਰਹਿਣ। ਇਸ ਦੇ ਨਾਲ ਹੀ ਸਦੀਆਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਦੇ ਹੱਲ ਲੱਭਣ ਲਈ ਕੰਮ ਕਰੋ। ਸਾਡੇ ਸਮਾਜ ਵਿੱਚ ਡਾਕਟਰਾਂ ਨੂੰ ਉੱਚਾ ਦਰਜਾ ਦਿੱਤਾ ਗਿਆ ਹੈ। ਜਦੋਂ ਕਿ ਮੈਡੀਕਲ ਵਿਦਿਆਰਥੀ ਚੁਣੌਤੀਪੂਰਨ ਸਥਿਤੀਆਂ ਵਿੱਚੋਂ ਲੰਘਦੇ ਹਨ ਜਿਨ੍ਹਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਸਿਹਤਮੰਦ ਰੱਖੋ।

ਮਾਲਵੇ ’ਚ ਵੱਧ ਰਹੇ ਕੈਂਸਰ ਨੂੰ ਰੋਕਣ ਲਈ, ਏਮਜ਼ ਦੇ ਮਾਹਿਰਾਂ ਨਾਲ ਮਿਲ ਕੇ ਖੋਜ ਕਰੋ

ਏਮਜ਼ ’ਚ ਕਨਵੋਕੇਸ਼ਨ ਸਮਾਰੋਹ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਏਮਜ਼ ਦੇ ਅਧਿਕਾਰੀਆਂ ਨੂੰ ਮਾਲਵਾ ਖੇਤਰ ਵਿੱਚ ਕੈਂਸਰ ਦੀ ਰੋਕਥਾਮ ਲਈ ਖੋਜ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕੈਂਸਰ ਨਾਲ ਮਰਨ ਵਾਲੇ ਲੋਕਾਂ ਦੀ ਮੌਤ ਦਰ ਬਹੁਤ ਜ਼ਿਆਦਾ ਹੈ, ਜਿਸਦਾ ਪਤਾ ਦੇਰ ਨਾਲ ਲੱਗਦਾ ਹੈ। ਇਸ ਲਈ ਕੈਂਸਰ ਦੀ ਜਾਂਚ ਪਹਿਲੇ ਪੜਾਅ ‘ਤੇ ਹੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਮੌਤ ਦਰ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਲਵੇ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਰਾਸ਼ਟਰੀ ਔਸਤ ਨਾਲੋਂ ਵੱਧ ਹੈ। ਕੀਟਨਾਸ਼ਕ ਅਤੇ ਪ੍ਰਦੂਸ਼ਿਤ ਪਾਣੀ ਇਸ ਦੇ ਮੁੱਖ ਕਾਰਨ ਹਨ। ਏਮਜ਼ ਨੂੰ ਇਸ ‘ਤੇ ਖੋਜ ਕਰਨੀ ਚਾਹੀਦੀ ਹੈ। ਇਸ ਲਈ ਖੇਤੀਬਾੜੀ ਮਾਹਿਰ, ਵਾਤਾਵਰਣ ਮਾਹਿਰ ਅਤੇ ਤਕਨੀਕੀ ਮਾਹਿਰਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਇਲਾਜ ਮਿਲ ਸਕੇ।ਇਸ ਤੋਂ ਇਲਾਵਾ ਏਮਜ਼ ਬਠਿੰਡਾ ਨੂੰ ਇਕ ਖੇਤਰੀ ਮੈਡੀਕਲ ਸੈਂਟਰ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਖੋਜ ਨੂੰ ਵਿਸ਼ਵਵਿਆਪੀ ਅਤੇ ਖੇਤਰੀ ਸਮੱਸਿਆਵਾਂ ‘ਤੇ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ। ਜਦੋਂ ਕਿ ਆਉਣ ਵਾਲੇ ਦਿਨਾਂ ਵਿੱਚ ਮੋਟਾਪਾ ਇਕ ਸਮੱਸਿਆ ਵਜੋਂ ਉੱਭਰ ਰਿਹਾ ਹੈ, ਜੋ ਕਿ ਕਈ ਘਾਤਕ ਬਿਮਾਰੀਆਂ ਦਾ ਕਾਰਨ ਹੈ। ਇਸ ਨੂੰ ਰੋਕਣ ਲਈ ਕੰਮ ਕਰਨ ਦੀ ਲੋੜ ਹੈ। ਪਰ ਬਠਿੰਡਾ ਖੇਤਰ ਵਿੱਚ ਹੋਰ ਖੋਜ ਦੀ ਲੋੜ ਹੈ।

Leave a Reply

Your email address will not be published. Required fields are marked *