ਪਾਕਿਸਤਾਨ ‘ਚ ਟ੍ਰੇਨ ਹਾਈਜੈਕ : 182 ਲੋਕਾਂ ਨੂੰ ਬਣਾਇਆ ਬੰਧਕ, 20 ਫ਼ੌਜੀ ਮਾਰੇ

ਕੁਏਟਾ : ਇਸ ਵੇਲੇ ਪਾਕਿਸਤਾਨ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਵੱਖਵਾਦੀ ਅੱਤਵਾਦੀਆਂ ਨੇ ਮੰਗਲਵਾਰ ਨੂੰ ਦੱਖਣ-ਪੱਛਮੀ ਪਾਕਿਸਤਾਨ ‘ਚ ਇਕ ਯਾਤਰੀ ਰੇਲਗੱਡੀ ‘ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਰੇਲਗੱਡੀ ਦਾ ਚਾਲਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਰੇਲਗੱਡੀ ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੇ ਕੁਏਟਾ ਤੋਂ ਖੈਬਰ ਪਖਤੂਨਖਵਾ ਦੇ ਪਿਸ਼ਾਵਰ ਜਾ ਰਹੀ ਸੀ ਜਦੋਂ ਇਸ ‘ਤੇ ਗੋਲੀਬਾਰੀ ਕੀਤੀ ਗਈ। ਅਧਿਕਾਰੀਆਂ ਨੇ ਇਕ ਬਿਆਨ ‘ਚ ਦੱਸਿਆ ਕਿ ਇਕ ਅੱਤਵਾਦੀ ਵੱਖਵਾਦੀ ਗਰੁੱਪ ਬਲੂਚ ਲਿਬਰੇਸ਼ਨ ਆਰਮੀ (BLA) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਬਲਾਂ ਸਮੇਤ ਰੇਲਗੱਡੀ ਤੋਂ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਾਲੀ ਜਗ੍ਹਾ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ ਹੈ ਤੇ ਜਾਂਚ ਜਾਰੀ ਹੈ।

ਮੁਕਾਬਲੇ ਵਿੱਚ 20 ਸੈਨਿਕ ਮਾਰੇ

ਇਸ ਹਮਲੇ ਬਾਰੇ, ਬਲੋਚਿਸਤਾਨ ਸੂਬੇ ਦੀ ਆਜ਼ਾਦੀ ਦੀ ਮੰਗ ਕਰਨ ਵਾਲੇ ਬੀਐਲਏ ਨੇ ਕਿਹਾ ਕਿ ਉਸਨੇ 20 ਸੈਨਿਕਾਂ ਨੂੰ ਮਾਰ ਦਿੱਤਾ ਹੈ ਅਤੇ ਇੱਕ ਡਰੋਨ ਨੂੰ ਡੇਗ ਦਿੱਤਾ ਹੈ। ਬੀਐਲਏ ਨੇ 182 ਲੋਕਾਂ ਨੂੰ ਬੰਧਕ ਬਣਾਉਣ ਦਾ ਦਾਅਵਾ ਕੀਤਾ ਹੈ। ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਇਲਾਕਾ ਖਾਲੀ ਨਾ ਕਰਨ ‘ਤੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਇਸ ਦੌਰਾਨ, ਇਸ ਘਟਨਾ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਜਾਫਰ ਐਕਸਪ੍ਰੈਸ ਰੇਲਗੱਡੀ ਕਵੇਟਾ ਤੋਂ ਖੈਬਰ ਪਖਤੂਨਖਵਾ ਦੇ ਪੇਸ਼ਾਵਰ ਜਾ ਰਹੀ ਸੀ, ਜਦੋਂ ਇਸ ‘ਤੇ ਗੋਲੀਬਾਰੀ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ 20 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਬਲੋਚਿਸਤਾਨ ‘ਚ ਸੁਰੱਖਿਆ ਬਲਾਂ ‘ਤੇ ਕਈ ਹਮਲੇ

ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹਮੇਸ਼ਾ ਇੱਥੇ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਬਲੋਚਿਸਤਾਨੀ ‘ਚ ਵੱਖਵਾਦੀ ਸਮੂਹਾਂ ਵੱਲੋਂ ਆਜ਼ਾਦੀ ਜਾਂ ਵੱਧ ਖ਼ੁਦਮੁਖ਼ਤਿਆਰੀ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਬਗ਼ਾਵਤ ਚੱਲ ਰਿਹਾ ਹੈ। ਹਾਲ ਦੇ ਕੁਝ ਸਾਲਾਂ ਵਿਚ ਨਜ਼ਰ ਮਾਰੀਏ ਤਾਂ ਬਲੋਚਿਸਤਾਨ ‘ਚ ਸੁਰੱਖਿਆ ਬਲਾਂ, ਬੁਨਿਆਦੀ ਢਾਂਚੇ ਤੇ ਨਾਗਰਿਕਾਂ ‘ਤੇ ਵਾਰ-ਵਾਰ ਹਮਲੇ ਹੋਏ ਹਨ। ਇਹ ਘਟਨਾ ਸੂਬੇ ‘ਚ ਸੁਰੱਖਿਆ ਦੀ ਸਥਿਤੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਬਲੂਚਿਸਤਾਨ ‘ਚ ਅਕਸਰ ਵੱਖਵਾਦੀ ਹਮਲੇ ਹੁੰਦੇ ਰਹਿੰਦੇ ਹਨ, ਜੋ ਸੂਬੇ ਦੀ ਸਥਿਤੀ ਨੂੰ ਹੋਰ ਵੀ ਪੇਚੀਦਾ ਬਣਾ ਰਹੇ ਹਨ। ਇਸ ਹਮਲੇ ਨੇ ਸੂਬੇ ਵਿਚ ਸੁਰੱਖਿਆ ਪ੍ਰਬੰਧਾਂ ਦੀ ਕਮਜ਼ੋਰੀ ਨੂੰ ਬੇਨਕਾਬ ਕੀਤਾ ਹੈ।

ਟ੍ਰੇਨ ‘ਚ 450 ਯਾਤਰੀ ਸਵਾਰ

ਪਾਕਿਸਤਾਨੀ ਅਖਬਾਰ ‘ਡਾਅਨ’ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਕੁਏਟਾ ਤੋਂ ਪਿਸ਼ਾਵਰ ਜਾ ਰਹੀ ਜਾਫਰ ਐਕਸਪ੍ਰੈਸ ਟ੍ਰੇਨ ‘ਤੇ ਗੋਲੀਬਾਰੀ ਕੀਤੀ ਗਈ ਹੈ। ਰੇਲਵੇ ਕੰਟਰੋਲ ਮੁਹੰਮਦ ਕਾਸ਼ਿਫ ਨੇ ਦੱਸਿਆ ਕਿ ਇਸ ਟ੍ਰੇਨ ‘ਚ ਲਗਪਗ 450 ਤੋਂ ਵੱਧ ਯਾਤਰੀ ਸਵਾਰ ਸਨ। ਉਨ੍ਹਾਂ ਕਿਹਾ ਕਿ ਟ੍ਰੇਨ ਨੂੰ ਸੁਰੰਗ ਨੰਬਰ 8 ‘ਚ ਹਥਿਆਰਬੰਦ ਲੋਕਾਂ ਨੇ ਰੋਕ ਲਿਆ। ਯਾਤਰੀਆਂ ਅਤੇ ਮੁਲਾਜ਼ਮਾਂ ਨਾਲ ਸੰਪਰਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਹਸਪਤਾਲਾਂ ਨੂੰ ਦਿੱਤੀਆਂ ਹਦਾਇਤਾਂ

ਇਸ ਘਟਨਾ ‘ਤੇ ਸਰਕਾਰ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਿਬੀ ਹਸਪਤਾਲ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐਂਬੂਲੈਂਸਾਂ ਅਤੇ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਇਹ ਘਟਨਾ ਵਾਪਰੀ ਉਹ ਪਹਾੜੀ ਇਲਾਕਾ ਹੈ, ਜਿਸ ਕਾਰਨ ਅਧਿਕਾਰੀਆਂ ਨੂੰ ਉੱਥੇ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਮਲਾਵਰਾਂ ਨੇ ਸੈਂਕੜੇ ਲੋਕਾਂ ਨੂੰ ਬਣਾਇਆ ਬੰਧਕ

ਜਾਣਕਾਰੀ ਅਨੁਸਾਰ, ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਹੈ ਕਿ ਉਸਨੇ 182 ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕਰਦਿਆਂ, ਬੀਐਲਏ ਨੇ ਕਿਹਾ ਕਿ ਬਲੋਚ ਲਿਬਰੇਸ਼ਨ ਆਰਮੀ ਨੇ ਮਸ਼ਕਫ਼, ਧਦਰ, ਬੋਲਾਨ ਵਿੱਚ ਇੱਕ ਰਣਨੀਤਕ ਕਾਰਵਾਈ ਕੀਤੀ ਅਤੇ ਜਾਫਰ ਐਕਸਪ੍ਰੈਸ ਨੂੰ ਪਟੜੀ ਤੋਂ ਉਤਾਰ ਕੇ ਅਤੇ ਉਸ ਦਾ ਕੰਟਰੋਲ ਆਪਣੇ ਕਬਜ਼ੇ ਵਿੱਚ ਲੈ ਲਿਆ।

Leave a Reply

Your email address will not be published. Required fields are marked *