ਕਿਸਾਨਾਂ ਆਗੂਆਂ ਦਾ ਵੱਡਾ ਐਲਾਨ, ਪੰਧੇਰ ਨੇ ਕਿਹਾ- 17 ਮਾਰਚ ਤੋਂ ਡੀਸੀ ਦਫਤਰ ਲੱਗੇਗਾ ਪੱਕਾ ਧਰਨਾ

ਅੰਮ੍ਰਿਤਸਰ : 

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤੜਕਸਾਰ ਗੁਰਦਾਸਪੁਰ ਜ਼ਿਲ੍ਹੇ ਵਿਚ ਭਾਰਤ ਮਾਲਾ ਪ੍ਰੋਜੈਕਟ ਲਈ ਜ਼ਮੀਨਾਂ ਅਕਵਾਇਰ ਕਰਨ ਦੀ ਕੋਸ਼ਿਸ਼ ਦੌਰਾਨ ਬਿਨਾਂ ਮੁਆਵਜ਼ਾ ਦਿੱਤੇ ਪਿੰਡ ਭਰਥ ਅਤੇ ਨੰਗਲ ਝੋਰ ਵਿਚ ਬਿਨਾਂ ਮੁਆਵਜ਼ਾ ਦਿੱਤੇ ਪੁਲਿਸ ਬਲ ਦੇ ਜੋਰ ਨਾਲ ਜ਼ਮੀਨਾਂ ‘ਤੇ ਕੀਤੇ ਜਾ ਰਹੇ ਕਬਜ਼ੇ ਨੂੰ ਰੋਕਦੇ ਹੋਏ ਕਿਸਾਨਾਂ ਤੇ ਜ਼ਬਰਦਸਤ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਫੱਟੜ ਕੀਤੇ ਜਾਣ ਦਾ ਵਿਰੋਧ ਕਰਦੇ ਹੋਏ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਦੀ ਅਗਵਾਈ ਵਿਚ ਅੰਮ੍ਰਿਤਸਰ ਵਿਚ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰੈਸ ਕਲੱਬ ਅੰਮ੍ਰਿਤਸਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਸੱਤਾ ਦੇ ਨਸ਼ੇ ਅਤੇ ਮੋਦੀ ਸਰਕਾਰ ਦੀ ਖੁਸ਼ਾਮਦ ਕਰਦੇ ਹੋਏ ਜਿਸ ਤਰ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਹਥਿਆਉਣ ਲਈ ਤਾਕਤ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਅਤਿ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਜਥੇਬੰਦੀ ਵੱਲੋਂ 17 ਮਾਰਚ ਤੋਂ ਡੀਸੀ ਦਫ਼ਤਰ ਗੁਰਦਾਸਪੁਰ ਵਿਚ ਪੱਕਾ ਮੋਰਚਾ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਐਮਐਸਪੀ ਅਤੇ ਹੋਰ ਮੰਗਾਂ ਸਬੰਧੀ ਸਰਕਾਰ ਅਤੇ ਸਰਕਾਰ ਪੱਖੀ ਤਥਾਕਥਿਤ ਬੁੱਧੀਜੀਵੀਆਂ ਵੱਲੋਂ ਪਾਏ ਜਾ ਰਹੇ ਭੁਲੇਖਿਆਂ ਨੂੰ ਜਨਤਾ ਵਿਚ ਸਾਫ ਕਰਨ ਦੇ ਮੰਤਵ ਨਾਲ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ 17 ਮਾਰਚ ਨੂੰ ਕਿਸਾਨ ਜਥੇਬੰਦੀਆਂ ਅਤੇ ਉੱਘੇ ਬੁੱਧੀਜੀਵੀਆਂ ਵੱਲੋਂ ਇਕ ਸਾਂਝੀ ਕਾਨਫਰੰਸ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਤੇ ਵੱਖ-ਵੱਖ ਬਾਰਡਰਾਂ ’ਤੇ ਚੱਲ ਰਹੇ ਅੰਦੋਲਨ ਵਿਚ ਨੌਜਵਾਨਾਂ ਦੇ ਵੱਡੇ ਇੱਕਠ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿਚ ਬਿਨਾਂ ਯੋਗ ਮੁਆਵਜ਼ਾ ਦਿੱਤੇ ਕਿਸਾਨਾਂ ਦੀ ਜਮੀਨਾਂ ਨਹੀਂ ਲੈਣ ਦਿੱਤੀਆਂ ਜਾਣਗੀਆਂ, ਬਲਕਿ ਸਰਕਾਰ ਫੱਟੜ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕਰੇ ਅਤੇ ਕਣਕ ਦੀ ਫਸਲ ਦੇ ਜਾਣਬੁੱਝ ਕੇ ਕੀਤੇ ਗਏ ਨੁਕਸਾਨ ਦੀ ਭਰਪਾਈ ਕਰੇ।

Leave a Reply

Your email address will not be published. Required fields are marked *